ਅਧਿਆਪਕ ਜਥੇਬੰਦੀਆਂ ਵੱਲੋਂ ਫੈਸਲਾਕੁਨ ਸੰਘਰਸ਼ ਦਾ ਐਲਾਨ
ਪੱਤਰ ਪ੍ਰੇਰਕ
ਮਾਨਸਾ, 15 ਅਕਤੂਬਰ
ਈ.ਟੀ.ਟੀ. ਟੀਚਰਜ਼ ਯੂਨੀਅਨ ਅਤੇ ਪ੍ਰਾਇਮਰੀ ਐਲੀਮੈਂਟਰੀ ਟੀਚਰਜ਼ ਫਰੰਟ ਪੰਜਾਬ ਨੇ ਹਕੂਮਤ ਵਿਰੁੱਧ ਫੈਸਲਾਕੁੰਨ ਘੋਲ ਅਰੰਭ ਕਰਨ ਦਾ ਫੈਸਲਾ ਲਿਆ ਹੈ।
ਜਥੇਬੰਦੀਆਂ ਦੇ ਸੂਬਾਈ ਆਗੂਆਂ ਹਰਦੀਪ ਸਿੰਘ ਸਿੱਧੂ ਅਤੇ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪ੍ਰਾਇਮਰੀ ਐਲੀਮੈਂਟਰੀ ਟੀਚਰਜ਼ ਫਰੰਟ ਵੱਲੋਂ 23 ਅਕਤੂਬਰ ਨੂੰ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਘਿਰਾਓ ਅਤੇ ਈ.ਟੀ.ਟੀ. ਟੀਚਰਜ਼ ਯੂਨੀਅਨ ਵੱਲੋਂ 30 ਅਕਤੂਬਰ ਨੂੰ ਸੂਬੇ ਵਿੱਚ ਮੁੱਖ ਮਾਰਗ ਨੂੰ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਵੇਲੇ ਜੋ ਸਿੱਖਿਆ ਸੁਧਾਰਾਂ ਦੇ ਵਾਅਦੇ ਕੀਤੇ ਸਨ, ਉਹ ਠੁੱਸ ਹੋ ਕੇ ਰਹਿ ਗਏ ਹਨ। ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਅਧਿਆਪਕਾਂ ਨੂੰ ਲਾਰੇ-ਲੱਪੇ ਲਾ ਕੇ ਪ੍ਰੇਸ਼ਾਨ ਕੀਤਾ ਹੈ, ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਵਿੱਚ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ‘ਤੇ ਜੋ ਰੈਗੂਲਰ ਭਰਤੀ ਕਰਨ ਦੇ ਕੌਲ ਕਰਾਰ ਕੀਤੇ ਸਨ, ਉਹ ਵੀ ਝੂਠੇ ਪੈ ਗਏ ਹਨ। ਸਰਕਾਰ ਨੇ ਰੈਗੂਲਰ ਭਰਤੀ ਦੀ ਥਾਂ ਜੋ ਅਸਾਮੀਆਂ ਸਮੇਂ-ਸਮੇਂ ਭਰਨ ਦੀ ਕੋਸ਼ਿਸ਼ ਵੀ ਕੀਤੀ, ਉਸ ਉਪਰ ਠੇਕੇਦਾਰੀ ਸਿਸਟਮ ਲਾਗੂ ਕਰਕੇ ਅਧਿਆਪਕਾਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਜਿੱਥੇ ਉਨ੍ਹਾਂ ਦੀ ਉੱਚ ਯੋਗਤਾ ਦਾ ਮਜ਼ਾਕ ਉਡਾਇਆ ਗਿਆ, ਉਥੇ ਘੱਟ ਤਨਖਾਹਾਂ ਨਾਲ ਉਨ੍ਹਾਂ ਦਾ ਸ਼ੋਸ਼ਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਵੀ ਸਰਕਾਰੀ ਸਕੂਲ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਸਰਕਾਰ ਦੀਆਂ ਗਲਤ ਸਿੱਖਿਆ ਨੀਤੀਆਂ ਕਾਰਨ ਉਨ੍ਹਾਂ ਨੂੰ ਭਰਿਆ ਨਹੀਂ ਜਾ ਸਕਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹੁਣ ਸਰਕਾਰ ਨੂੰ ਤਿੱਖੇ ਐਕਸ਼ਨਾਂ ਰਾਹੀਂ ਘੇਰਿਆ ਜਾਵੇਗਾ।
ਸ੍ਰੀ ਸਿੱਧੂ ਨੇ ਕਿਹਾ ਕਿ ਈ.ਟੀ.ਟੀ. ਟੀਚਰਜ਼ ਯੂਨੀਅਨ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਸਰਗਰਮੀਆਂ ਵਿੱਢ ਦਿੱਤੀਆਂ ਗਈਆਂ ਹਨ ਤਾਂ ਕਿ ਉਲੀਕੇ ਗਏ ਸੰਘਰਸ਼ਾਂ ਨੂੰ ਸਫ਼ਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜੋ ਅਧਿਆਪਕਾਂ ਨੂੰ ਪੂਰੀ ਸਰਗਰਮੀ ਨਾਲ ਅਗਲੇ ਸੰਘਰਸ਼ਾਂ ਵਿੱਚ ਨਿੱਤਰਨ ਲਈ ਉਤਸ਼ਾਹਤ ਕਰਨਗੇ। ਇਨ੍ਹਾਂ ਕਮੇਟੀਆਂ ਦੀ ਅਗਵਾਈ ਕੁਲਵਿੰਦਰ ਸਿੰਘ ਬੁਢਲਾਡਾ, ਜਸਵੀਰ ਸਿੰਘ ਖੁਡਾਲ, ਸੁਦਰਸ਼ਨ ਰਾਜੂ, ਤਰਸੇਮ ਸਿੰਘ ਬੋੜਾਵਾਲ, ਜਗਸੀਰ ਸਿੰਘ ਰਿਉਂਦ, ਗੁਰਮੇਲ ਸਿੰਘ ਬਰੇਟਾ, ਦਵਿੰਦਰ ਸਿੰਘ, ਮਨਜੀਤ ਕੋਟੜਾ, ਬਲਵਿੰਦਰ ਭੀਖੀ, ਜਗਤਾਰ ਸਿੰਘ ਮੀਰਪੁਰ, ਅਕਬਰ ਸਿੰਘ ਬੱਪੀਆਣਾ, ਕਾਲਾ ਸਿੰਘ ਸਹਾਰਨਾ, ਬਹਾਦਰ ਸਿੰਘ ਬਰਨਾਲਾ, ਗੁਰਨਾਮ ਸਿੰਘ ਗੇਹਲੇ, ਰਣਜੀਤ ਸਿੰਘ ਬਰ੍ਹੇ, ਜਗਸੀਰ ਸਿੰਘ ਮੀਰਪੁਰ, ਚਰਨਜੀਤ ਸਿੰਘ ਬੁਰਜ ਹਰੀ, ਧਰਮਿੰਦਰ ਸਿੰਘ ਔਤਾਂਵਾਲੀ, ਸਿਕੰਦਰ ਸਿੰਘ ਝੱਬਰ, ਕੁਲਵੰਤ ਜੋਗਾ ਅਤੇ ਹਰਦੇਵ ਸਿੰਘ ਕਰ ਰਹੇ ਹਨ।